ਗੁਰੂਬਾਣੀ ਨੂੰ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿਸ਼ਵ - ਦ੍ਰਿਸ਼ਟੀ ਕੋਣ ਕਰਕੇ ਸਾਰਾ ਵਿਸ਼ਵ ਨਮਸਕਾਰ ਕਰਦਾ ਹੈ | ਹੈਰਾਨੀ ਹੁੰਦੀ ਹੈ ਕਿ ਕਿਵੇਂ ਗੁਰੂ ਸਾਹਿਬਾਨ, ਭਗਤਾਂ ਤੇ ਭੱਟਾਂ ਨੇ ਸੁਚੱਜੀ ਜੀਵਨ ਜਾਚ, ਸਾਨੂੰ ਸਿਖਾਉਣ ਲਈ ਜ਼ਿੰਦਗੀ ਦੇ ਹਰ ਪੱਖ ਨੂੰ ਸਿਰਫ਼ ਛੋਹਿਆ ਹੀ ਨਹੀਂ ਸਗੋਂ ਬੜੇ ਸੁੰਦਰ ਢੰਗ ਨਾਲ ਆਪੇ ਪ੍ਰਸ਼ਨ ਪੈਦਾ ਕਰਕੇ, ਆਪੇ ਉੱਤਰ ਦੇ ਕੇਸਾਡੇ ਆਲੇ - ਦੁਆਲੇ ਵਿੱਚੋਂ ਉਦਾਹਰਨਾਂ ਦੇ ਕੇ ਮਨੁੱਖ ਨੂੰ ਇੱਕ ਸਿੱਧਾ ਦੇ ਸਾਫ਼ -ਸੁਥਰਾ ਰਸਤਾ ਦਿਖਾਇਆ ਹੈ | ਪਰੰਤੂ ਬੜੇ ਅਫ਼ਸੋਸ ਨਾਲ ਕਹਿਣਾ ਪੈਂਦਾ ਹੈ ਕਿ ਬਹੁ - ਗਿਣਤੀ ਪੰਜਾਬੀ ਅੱਜ ਵੀ 'ਬਾਣੀ ' ਦੇ ਰੂਪ ਵਿੱਚ ਅਮੀਰ ਵਿਰਾਸਤ ਹੁੰਦਿਆਂ ਵੀ ਖਾਲੀ ਹਨ | ਸਾਡੀ ਬਦਨਸੀਬੀ ਹੈ ਕਿ ਗੁਰੂ ਸਾਹਿਬਾਨ ਦੇ ਦਰਸਾਏ ਮਾਰਗ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਰਹਿਨੁਮਾਈ ਦੇ ਹੁੰਦੀਆਂ ਵੀ ਅਸੀਂ ਸਿਰਫ਼ 'ਪਾਠ ਪੜ੍ਹਨ ' ਤੱਕ ਸੀਮਿਤ ਹਾਂ | ਜੇ ਅਸੀਂ ਗੁਰਬਾਣੀ ਅਨੁਸਾਰ ਚਲਦੇ ਤਾਂ ਅੱਜ ਪੰਜਾਬ 'ਨਸ਼ੇ ਦੇ ਛੇਵੇਂ ਦਰਿਆ ' ਵਿੱਚ ਗਲਤਾਨ ਨਾ ਹੁੰਦਾ |
ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਉਪਰੋਕਤ ਕਥਨ ਦੇ ਆਧਾਰ ਤੇ ਹੀ, ਇਹ ਵਿਚਾਰ ਚਰਚਾ ਹੈ, ਵੈਸੇ ਤਾਂ ਮਨੁੱਖ ਹੀ ਅਜਿਹਾ ਸਰਵ - ਸ਼੍ਰੇਸਟ ਪ੍ਰਾਣੀ ਹੈ, ਜਿਸਦੇ ਭੋਜਨ ਲਈ ਛੱਤੀ ਤਰ੍ਹਾਂ ਦੇ ਸਵਾਦਿਸ਼ਟ ਪਕਵਾਨ ਹਨ | ਸਭ ਕੁੱਝ ਹੁੰਦਿਆਂ ਵੀ ਉਹ ਤਰ੍ਹਾਂ - ਤਰ੍ਹਾਂ ਦੇ ਨਸ਼ੇ ਕਰਦਾ ਹੈ | ਇਹ ਨਸ਼ੇ ਜੋ ਸ਼ਰਾਬ, ਅਫ਼ੀਮ, ਭੁੱਕੀ, ਤੰਮਾਕੂ, ਚਰਸ, ਗਾਂਜਾ, ਸਮੈਕ ਤੇ ਹੀਰੋਇਨ ਦੇ ਰੂਪ ਵਿੱਚ ਹੁੰਦੇ ਹਨ , ਇਹ ਮਨੁੱਖ ਦੇ ਸ਼ਰੀਰ ਨੂੰ ਕਮਜ਼ੋਰ ਕਰ ਦਿੰਦੇ ਹਨ ਤੇ ਉਸਦੀ ਮਾਨਸਿਕਤਾ ਨੂੰ ਖੁੰਡੀ ਕਰ ਦਿੰਦੇ ਹਨ। ਜਦੋਂ ਕੋਈ ਵੀ ਮਨੁੱਖ ਨਸ਼ੇ ਦਾ ਸੇਵਨ ਕਰਦਾ ਹੈ ਤਾਂ ਉਸਦੇ ਮਨ ਵਿਚੋਂ - ਕਾਮ , ਕ੍ਰੋਧ, ਲੋਭ, ਮੋਹ ਤੇ ਹੰਕਾਰ ਵਰਗੇ ਵਿਕਾਰਾਂ ਲਈ ਇੱਕ ਉਤੇਜਕ ਦਾ ਕੰਮ ਕਰਦਾ ਹੈ। ਉਸਦੇ ਤਨ ਨੂੰ ਪੀੜਿਤ ਕਰਦਾ ਹੈ। ਇਹ ਪਦਾਰਥਕ ਤੇ ਦੁਨਿਆਵੀ ਨਸ਼ੇ ਮਨੁੱਖ ਨੂੰ ਥੋੜ ਚਿਰਾ ਆਨੰਦ ਦਿੰਦੇ ਹਨ ਜਦਕਿ ਪਰਮਾਤਮਾ ਦੀ ਸ਼ਰਨ ਤੇ ਮਿਹਰ ਮਨੁੱਖ ਨੂੰ ਸਹਿਜ ਰੂਪ ਵਿਚ ਚਿਰ - ਸਥਾਈ ਆਨੰਦ ਪ੍ਰਧਾਨ ਕਰਦੇ ਹਨ। ਗੁਰੂ ਨਾਨਕ ਦੇਵ ਜੀ ਨੇ ਜਿਥੇ ਬਾਣੀ ਵਿੱਚ ਸਾਨੂੰ ਅਜਿਹੇ ਖਾਦ ਪਦਾਰਥ ਜੋ ਸਾਡੇ ਤਨ ਨੂੰ ਰੋਗੀ ਕਰਦੇ ਹਨ ਤੇ ਮਨ ਵਿਚ ਵਿਕਾਰ ਪੈਦਾ ਕਰਦੇ ਹਨ, ਉਹਨਾਂ ਨੂੰ ਖਾਣ ਤੋਂ ਵਰਜਿਆ ਹੈ ਉਥੇ ਨਾਮ ਦੀ ਖੁਮਾਰੀ ਦੀ ਮਹਿਮਾ ਦੱਸਦਿਆਂ ਕਿਹਾ ਹੈ ਕਿ ਹੈ ਮਨੁੱਖ ਜੇਕਰ ਤੂੰ ਪ੍ਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਵਿਚ ਸਮਾ ਲਵੇਂ ਤਾਂ ਨਾਮ ਦੀ ਖੁਮਾਰੀ ਅਜਿਹੀ ਚੜ੍ਹੇਗੀ ਕਿ ਸਭ ਪਦਾਰਥਕ ਨਸ਼ੇ ( ਭੰਗ, ਚਰਸ, ਅਫੀਮ, ਸ਼ਰਾਬ, ਸਮੈਕ, ਆਦਿ ) ਫਿੱਕੇ ਤੇ ਬੇਅਰਥ ਹੋ ਜਾਣਗੇ।
ਅੱਜ ਦੀ ਨੌਜਵਾਨ ਪੀੜ੍ਹੀ ਜਿਸਦੇ ਮੋਢਿਆਂ ਤੇ ਘਰ ਪਰਿਵਾਰ ਤੇ ਸਮਾਜ ਦੀ ਜਿੰਮੇਵਾਰੀ ਹੈ। ਉਹ ਆਪਣੀ ਜਿੰਮੇਵਾਰੀ ਤੋਂ ਭੱਜ ਕੇ ਨਸ਼ੇ ਦੇ ਵਹਿਣ ਚ ਆਪਣੀ ਜਵਾਨੀ ਨੂੰ ਨਸ਼ਟ ਕਰ ਰਹੀ ਹੈ। ਨਸ਼ੇੜੀ ਮਨੁੱਖ ਏਨਾ ਕਮਜ਼ੋਰ ਹੋ ਜਾਂਦਾ ਹੈ ਕਿ ਉਹ ਜੇ ਕਰ ਸ੍ਵੈ - ਪੜਚੋਲ ਕਰੇ ਤਾਂ ਆਪਣੀਆਂ ਹੀ ਕਮਜ਼ੋਰੀਆਂ ਤੇ ਕਮੀਨੇਪਨ ਤੇ ਸ਼ਾਇਦ ਉਸਨੂੰ ਵੀ ਸ਼ਰਮ ਆ ਜਾਵੇ। ਨਸ਼ਾ ਕਰਨ ਵਾਲਾ ਇਨਸਾਨ ਤੇ ਆਪਣੇ ਆਪ ਨਾਲ ਵਫਾ ਨਹੀਂ ਕਰ ਰਿਹਾ ਹੁੰਦਾ, ਉਸਨੇ ਪਰਿਵਾਰ ਜਾਂ ਸਮਾਜ ਨਾਲ ਵਫਾ ਕੀ ਕਰਨੀ ? ਕਦੀ - ਕਦੀ ਤੇ ਲੱਗਦਾ ਹੈ ਕਿ ਜਾਨਵਰ ਵੀ ਅਜਿਹੇ ਮਨੁੱਖਾ ਤੋਂ ਚੰਗੇ ਹੁੰਦੇ ਹਨ। ਜੋ ਕੁਦਰਤ ਨੇ ਖੁਰਾਕ ਉਹਨਾਂ ਲਈ ਨਿਸ਼ਚਿਤ ਕੀਤੀ ਹੈ, ਉਹ ਉਹੋ ਲੈਂਦੇ ਹਨ। ਸ਼ੇਰ ਕਦੇ ਘਾਹ ਨਹੀਂ ਖਾਂਦਾ ਤੇ ਹਿਰਨ ਕਦੇ ਮਾਸ ਨਹੀਂ ਖਾਂਦਾ ਪਰ ਮਨੁੱਖ ਕੋਲ ਛੱਤੀ ਪਦਾਰਥ ਖਾਣ ਲਈ ਹਨ ਪਰ ਉਹ ਨਸ਼ੇ ਵਰਗੇ ਗੰਦ ਨੂੰ ਵੀ ਲੈਂਦਾ ਹੈ ਜੋ ਵਕਤੀ ਰੂਪ ਵਿਚ ਉਸਨੂੰ ਸਕੂਨ ਦਿੰਦਾ ਹੈ ਪਰ ਸਦੀਵੀ ਸਕੂਨ ਉਸਦਾ ਵੀ ਤੇ ਉਸਦੇ ਪਰਿਵਾਰ ਦਾ ਵੀ ਖੋਹ ਲੈਂਦਾ ਹੈ।
ਭਾਵੇਂ ਸਾਰੇ ਸੰਸਾਰ ਵਿਚ ਨਸ਼ੇ ਦੇ ਕਾਰੋਬਾਰ ਨੇ ਲੋਕਾਂ ਦੇ ਜੀਵਨ ਨੂੰ ਮਾਰੂ ਢੰਗ ਨਾਲ ਪ੍ਰਭਾਵਿਤ ਕੀਤਾ ਹੈ। ਪਰੰਤੁ ਪੰਜਾਬੀ ਤੇ ਜੋ ਕਦੇ ਮਿਹਨਤੀ ਤੇ ਅਣਖੀਲੀ ਕੌਮ ਸੀ, ਹੁਣ ਹੱਡ - ਹਰਾਮੀ ਤੇ ਐਸ਼ ਪ੍ਰਸਤ ਕੌਮ ਬਣਦੀ ਜਾ ਰਹੀ ਹੈ ਸਾਡੇ ਨੌਜਵਾਨਾਂ ਦੀ ਬੁਹ - ਗਿਣਤੀ ਬਿਨਾ ਮਿਹਨਤ ਕੀਤਿਆਂ ਰਾਤੋਂ ਰਾਤ ਅਮੀਰ ਹੋਣਾ ਚਾਹੁੰਦੀ ਹੈ, ਦੂਸਰੇ ਪਾਸੇ ਭ੍ਰਿਸ਼ਟ ਸਰਕਾਰੀ ਮਸ਼ੀਨਰੀ ਤੇ ਇਨਸਾਨੀਅਤ ਦੀ ਘਾਟ ਨੇ ਨਸ਼ੇ ਦੇ ਕਾਰੋਬਾਰ ਨੂੰ ਹੋਰ ਵਧਾ ਦਿੱਤਾ ਹੈ। ਅਸੀਂ ਸਾਰੇ ਹੁਣ ਨਸ਼ੇ ਰੂਪੀ ਅੱਤਵਾਦੀ ਦੈਂਤ ਦੇ ਸ਼ਿਕਾਰ ਹਾਂ। ਇਹ ਮਾਰੂ ਬਿਮਾਰੀ ਸਿੱਧੇ ਜਾਂ ਅਸਿੱਧੇ ਰੂਪ ਵਿਚ ਸਮਾਜ ਦੇ ਹਰ ਵਰਗ ਨੂੰ ਆਪਣੀ ਲਪੇਟ ਵਿਚ ਲੈ ਰਹੀ ਹੈ। ਬੁੱਧੀ ਜੀਵੀ ਵਰਗ ਅਤੇ ਪੀੜਿਤ ਪਰਿਵਾਰ ਇਸ ਤੋਂ ਜਾਗਰੂਕ ਤਾਂ ਹਨ ਪਰ ਇਸ ਵਿੱਚੋਂ ਨਿਕਲਣ ਲਈ ਉਸਾਰੂ ਜਤਨ ਨਹੀਂ ਹੋ ਰਹੇ।
ਨਸ਼ੇ ਬੰਦ ਕਰਵਾਉਣ ਲਈ ਸੈਮੀਨਾਰ ਲਗਾਏ ਜਾ ਰਹੇ ਹਨ ,ਜਗਰੂਕਤਾ ਰੈਲੀਆਂ ਕੱਢੀਆਂ ਜਾਂਦੀਆਂ ਹਨ, ਸਰਕਾਰੀ ਤੇ ਪ੍ਰਾਈਵੇਟ ਮੁੜ ਵਸੇਬਾ ਕੇਂਦਰ ਖੋਲੇ ਜਾ ਰਹੇ ਹਨ | ਪਰ ਅਫਸੋਸ ! ਇਹ ਸਭ ਯਤਨ ਉਹਨਾਂ ਲਈ ਹਨ ਜੋ ਪਹਿਲਾ ਹੀ ਜਾਗਰੂਕ ਹਨ | ਨਸ਼ੇ ਤੋਂ ਪੀੜਿਤ ਲੋਕ ਜਾਂ ਨਸ਼ਾ ਕਰਕੇ ਸੌਂ ਰਹੇ ਹਨ ਤੇ ਇਹ ਨੀਂਦ ਬਹੁਤੀ ਵਾਰ ਸਦਾ ਦੀ ਨੀਂਦ ਵਿੱਚ ਤਬਦੀਲ ਹੋ ਜਾਂਦੀ ਹੈ | ਇਹਨਾਂ ਪੀੜਿਤ ਲੋਕਾਂ ਦਾ ਸਰੀਰਕ ਤੇ ਮਾਨਸਿਕ ਇਲਾਜ ਹੋਣਾਂ ਚਾਹੀਦਾ ਹੈ | ਪੂਰੇ ਸਮਾਜ ਤੇ ਸਰਕਾਰ ਦੋਹਾਂ ਧਿਰਾਂ ਨੂੰ ਸੰਜੀਦਗੀ ਨਾਲ ਇਸ ਮਸਲੇ ਨੂੰ ਨਜਿੱਠਣਾ ਚਾਹੀਦਾ ਹੈ | ਪੀੜਿਤ ਪਰਿਵਾਰਾਂ ਨੂੰ ਖੁਲ ਕੇ ਅੱਗੇ ਆਉਣ ਦੀ ਜ਼ਰੂਰਤ ਹੈ | ਜਦ ਤੱਕ ਨਸ਼ੇ ਦੀ ਸਪਲਾਈ ਲਾਈਨ ਉਪਰਲੇ ਪੱਧਰ ਤੋਂ ਹੇਠਾਂ ਤੱਕ ਟੁੱਟਦੀ ਨਹੀਂ, ਇਸ ਦੈਤ ਦਾ ਸ਼ਿਕਾਰ ਕੋਈ ਨਾ ਕੋਈ ਬਣਦਾ ਹੀ ਰਹੇਗਾ |
ਧਾਰਮਿਕ ਸੰਸਥਾਵਾਂ ਇਸ ਨੂੰ ਖਤਮ ਕਰਨ ਵਿੱਚ ਬਹੁਤ ਉਸਾਰੂ ਯੋਗਦਾਨ ਪਾ ਸਕਦੀਆਂ ਹਨ | ਧਰਮ ਸਮਾਜ ਦਾ ਥੰਮ ਹੁੰਦਾ ਹੈ| ਅੱਜ ਲੋੜ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸਾਏ ਮਾਰਗ ਤੇ ਚੱਲਣ ਦੀ | ਪੰਜਾਬੀ ਲੋਕ ਤਾਂ ਖੁਸ਼ਕਿਸਮਤ ਹਨ ਕੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਸਾਡੀ ਹਰ ਤਰਾਂ ਦੀ ਰਹਿਨੁਮਾਈ ਕਰਨ ਲਈ ਗੁਰੂ ਹਾਜ਼ਰ - ਨਾਜ਼ਰ ਹੈ | ਬੱਸ ਲੋੜ ਹੈ ਅਮਲੀ ਜੀਵਨ ਵਿੱਚ ਇਹਨਾਂ ਵਿਚਾਰਾਂ ਨੂੰ ਅਪਨਾਉਣ ਦੀ | ਹਰ ਬੱਚਾ ਜਦੋਂ ਅਜਿਹੇ ਸੰਸਕਾਰ ਪ੍ਰਾਪਤ ਕਰ ਲਵੇਗਾ ਕਿ ਤਨ ਤੇ ਮਨ ਨੂੰ ਪੀੜਿਤਕਿਹੜੇ ਪਦਾਰਥ ਕਰਦੇ ਹਨ ਤੇ ਜ਼ਿੰਦਿਗੀ ਵਿੱਚ ਕਦੇ ਇਹਨਾਂ ਚੀਜਾਂ ਦਾ ਸੇਵਨ ਨਹੀਂ ਕਰਨਾ ਤਾਂ ਆਪੇ ਸਿਹਤਮੰਦ ਸਮਾਜ ਸਿਰਜਿਆ ਜਾਵੇਗਾ |
ਲੇਖਿਕਾ
ਰਸੋਈ ਨੂੰ ਸੁੰਦਰ ਬਣਾਉਣ ਲਈ
Comentarios